ਨਵੀਂ ਦਿੱਲੀ- ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੇ 27 ਫਰਵਰੀ ਤੋਂ ਕਿਰਗਿਸਤਾਨ ਵਿੱਚ ਹੋਣ ਵਾਲੀ ਏਸ਼ਿਅਨ ਕੁਸ਼ਤੀ ਚੈਂਪੀਅਨਸ਼ਿਪ ਤੋਂ ਨਾਮ ਵਾਪਸ ਲੈ ਲਿਆ ਹੈ। ਸੁਸ਼ੀਲ ਕੁਮਾਰ ਨੇ ਭਾਰਤੀ ਕੁਸ਼ਤੀ ਸੰਘ ਨੂੰ 21 ਫਰਵਰੀ ਦੌਰਾਨ ਇੱਕ ਪੱਤਰ ਲਿਖ ਕੇ 27 ਫਰਵਰੀ ਤੋਂ ਚਾਰ ਮਾਰਚ ਤਕ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀ ਭਾਰਤੀ ਕੁਸ਼ਤੀ ਟੀਮ ਤੋਂ ਆਪਣਾ ਨਾਮ ਲੈਣ ਬਾਰੇ ਜਾਣਕਾਰੀ ਦਿੱਤੀ ਸੀ। ਸੁਸ਼ੀਲ ਇਸ ਗੱਲ ਤੋਂ ਚਿੰਤਿਤ ਹੈ ਕਿ ਜੇਕਰ ਉਹ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਂਦੇ ਹੈ ਤਾਂ ਉਨ੍ਹਾਂ ਦੀ ਗੋਡਿਆਂ ਦੀ ਸਮੱਸਿਆ ਵਧ ਸਕਦੀ ਹੈ। ਹੁਣ ਉਹ ਅਪਰੈਲ ਵਿੱਚ ਹੋਣ ਵਾਲੀਆਂ ਕਾਮਨਵੈੱਲਥ ਖੇਡਾਂ ਵਿੱਚ ਹਿੱਸਾ ਲੈਣ ਬਾਰੇ ਸੋਚ ਰਿਹਾ ਹੈ, ਜਿਸ ਕਾਰਨ ਇਸ ਤੋਂ ਪਹਿਲਾਂ ਕੋਈ ਖ਼ਤਰਾ ਨਹੀਂ ਉਠਾਉਣਾ ਚਾਹੁੰਦਾ। ਸੁਸ਼ੀਲ ਦੇ ਨਾਮ ਵਾਪਸ ਲੈਣ ਤੋਂ ਬਾਅਦ ਸੰਘ ਨੇ ਪ੍ਰਵੀਨ ਰਾਣਾ ਨੂੰ 74 ਕਿਲੋ ਭਾਰ ਵਜ਼ਨ ਵਿੱਚ ਭਾਰਤੀ ਟੀਮ ਦੀ ਪ੍ਰਤੀਨਿਧਤਾ ਕਰਨ ਲਈ ਚੁਣਿਆ ਹੈ ਅਤੇ ਹੁਣ ਸੁਸ਼ੀਲ ਦੀ ਥਾਂ ਪ੍ਰਵੀਨ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗਾ।




