• Home
  • |
  • About Us
  • |
  • Contact Us
  • |

ਐਲਬਰਟਾ - ਐਲਬਰਟਾ ਸਰਕਾਰ ਨੇ ਟ੍ਰਾਂਸ ਮਾਊਨਟੇਨ ਪਾਈਪਲਾਈਨ ਮੁੱਦੇ 'ਤੇ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਦਿਖਾਈ ਗਈ ਨਰਮੀ ਤੋਂ ਬਾਅਦ ਵੀਰਵਾਰ ਨੂੰ ਪ੍ਰੋਵਿੰਸ ਦੀ ਵਾਈਨ 'ਤੇ ਲਾਈ ਪਾਬੰਦੀ ਨੂੰ ਖਤਮ ਕਰ ਦਿੱਤਾ। ਬੀ. ਸੀ. ਦੇ ਜੌਹਨ ਹੌਰਗਨ ਵੱਲੋਂ ਇਹ ਵਿਸ਼ਵਾਸ ਦਿੱਤੇ ਜਾਣ 'ਤੇ ਕਿ ਉਨ੍ਹਾਂ ਦੀ ਸਰਕਾਰ ਅਦਾਲਤ ਨੂੰ ਇਹ ਪੁੱਛੇਗੀ ਕਿ ਕੀ ਉਨ੍ਹਾਂ ਕੋਲ ਪ੍ਰੋਵਿੰਸ ਰਾਹੀਂ ਬਿਟੂਮਨ ਦੀ ਖੇਪ ਲਿਜਾਣ 'ਤੇ ਰੋਕ ਲਾ ਕੇ ਵਾਤਾਵਰਣ ਦੀ ਹਿਫਾਜ਼ਤ ਦਾ ਅਧਿਕਾਰ ਹੈ, ਤੋਂ ਬਾਅਦ ਐਲਬਰਟਾ ਦੀ ਪ੍ਰੀਮੀਅਰ ਰੇਚਲ ਨੌਟਲੇ ਨੇ ਇਹ ਕਦਮ ਚੁੱਕਿਆ। ਐਡਮੰਟਨ ਵਿਧਾਨਸਭਾ 'ਚ ਨੌਟਲੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਕਹਿਣਾ ਸਹੀ ਹੋਵੇਗਾ ਕਿ ਬੀ. ਸੀ. ਨੇ ਇਸ ਪਾਸੇ ਭਾਵੇਂ ਨਿੱਕਾ ਜਿਹਾ ਹੀ ਸੀ, ਕਦਮ ਤਾਂ ਵਧਾਇਆ। ਉਨ੍ਹਾਂ ਕਿਹਾ ਕਿ ਬੀ. ਸੀ. - ਐਲਬਰਟਾ ਨਾਲ ਸਬੰਧਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਐਨ ਕਿਨਾਰੇ ਤੋਂ ਹੋ ਕੇ ਮੁੜ ਰਿਹਾ ਹੈ ਅਤੇ ਕਾਨੂੰਨ ਤਹਿਤ ਰਹਿ ਕੇ ਕਾਰਵਾਈ ਕਰਨੀ ਚਾਹੁੰਦਾ ਹੈ, ਜੋ ਕਿ ਚੰਗੀ ਗੱਲ ਹੈ। ਹੌਰਗਨ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਇਸ ਮੁੱਦੇ 'ਤੇ ਸੰਵਿਧਾਨਕ ਹਵਾਲੇ ਸਬੰਧੀ ਕੇਸ ਫਾਈਲ ਕਰਨ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਮੁੱਦਾ ਹੁਣ ਬੀ. ਸੀ. ਅਤੇ ਅਲਬਰਟਾ ਦਰਮਿਆਨ ਵਪਾਰਕ ਜੰਗ ਦਾ ਧੁਰ ਬਣ ਚੁੱਕਿਆ ਹੈ। ਇਸ ਦੌਰਾਨ ਬੀ. ਸੀ. ਇਸ ਪਾਸੇ ਕੋਈ ਕਾਰਵਾਈ ਨਹੀਂ ਕਰੇਗਾ। ਹੌਰਗਨ ਨੇ ਨਿਊਜ਼ ਕਾਨਫਰੰਸ 'ਚ ਸਪੱਸ਼ਟ ਕੀਤਾ ਕਿ ਸੰਭਾਵੀ ਖਤਰਿਆਂ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਵਾਤਾਵਰਣ ਦੀ ਹਿਫਾਜ਼ਤ ਦੀ ਪੂਰੀ ਜ਼ਿੰਮੇਵਾਰੀ ਸਾਡੀ ਹੈ ਅਤੇ ਅਸੀਂ ਇਸ ਲਈ ਅਦਾਲਤ ਤੋਂ ਪੁਸ਼ਟੀ ਕਰਨੀ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਫੈਡਰਲ ਸਰਕਾਰ ਨੇ ਸਾਡਾ ਸੱਦਾ ਠੁਕਰਾ ਦਿੱਤਾ। ਹੌਰਗਨ ਨੇ ਇਹ ਮੰਨਣ ਤੋਂ ਇਨਕਾਰ ਕੀਤਾ ਕਿ ਬੀ. ਸੀ. ਆਪਣੇ ਪੈਰ ਪਿੱਛੇ ਖਿੱਚ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਿਆਸਤ ਦਾ ਮਾਮਲਾ ਨਹੀਂ ਹੈ ਨਾ ਹੀ ਇਹ ਵਪਾਰਕ ਲੜਾਈ ਹੈ। ਇਹ ਤਾਂ ਬੀ. ਸੀ. ਦੇ ਅਧਿਕਾਰਾਂ ਦੀ ਲੜਾਈ ਹੈ।