ਨਵੀਂ ਦਿੱਲੀ-ਕਾਂਗਰਸੀ ਨੇਤਾ ਕਪਿਲ ਸਿੱਬਲ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੁਨੀਆ ਦੇ ਸਭ ਤੋਂ ਮਹਿੰਗੇ ਚੌਕੀਦਾਰ ਹਨ।ਸ਼ਨੀਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਬਲ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਮਹਿੰਗੇ ਚੌਕੀਦਾਰ ਸਾਡੇ ਪ੍ਰਧਾਨ ਮੰਤਰੀ ਹਨ । ਵਧੀਆ ਰਿਹਾਇਸ਼ ਅਤੇ ਹਵਾਈ ਯਾਤਰਾ ਵਰਗੀਆਂ ਸਹੂਲਤਾਂ ਲੈਂਦੇ ਹੋਏ ਉਹ ਚੌਕੀਦਾਰੀ ਦਾ ਕੰਮ ਕਰਦੇ ਹਨ। ਕੀ ਮੋਦੀ ਦੱਸਣਗੇ ਕਿ ਉਨ੍ਹਾਂ ਦੀ ਚੌਕੀਦਾਰੀ ਹੇਠ ਬੈਂਕ ਘਪਲਾ ਕਿਵੇਂ ਹੋਇਆ? 390 ਕਰੋੜ ਦੇ ਇਕ ਬੈਂਕ ਘਪਲੇ ਦੀ ਚਰਚਾ ਦੌਰਾਨ ਸਿੱਬਲ ਨੇ ਕਿਹਾ ਕਿ ਦਵਾਰਕਾ ਦਾਸ ਸੇਠ ਇੰਟਰਨੈਸ਼ਨਲ ਜਿਊਲਰ ਵਿਰੁੱਧ 390 ਕਰੋੜ ਦਾ ਬੈਂਕ ਫਰਾਡ ਕੇਸ ਦਰਜ ਕੀਤਾ ਗਿਆ। ਇਸ ਸੰਬੰਧੀ ਸ਼ਿਕਾਇਤ ਪਿਛਲੇ ਸਾਲ ਅਗਸਤ ਮਹੀਨੇ ਵਿਚ ਕੀਤੀ ਗਈ ਸੀ ਪਰ ਹੈਰਾਨੀ ਵਾਲੀ ਗੱਲ ਹੈ ਕਿ ਮੁਕੱਦਮਾ ਫਰਵਰੀ 2018 ਵਿਚ ਦਰਜ ਹੋਇਆ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਸਰਕਾਰ ਚਲਾਉਣ ਦਾ ਤਜਰਬਾ ਨਹੀਂ ਹੈ। ਇਸ ਲਈ ਉਨ੍ਹਾਂ ਦੀ ਸਰਕਾਰ ਤਾਲਮੇਲ ਨਾਲ ਕੰਮ ਨਹੀਂ ਕਰ ਰਹੀ। ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ ਜਿਤਾ ਕੇ ਗਲਤੀ ਕੀਤੀ ਸੀ। ਕਾਂਗਰਸ ਕੋਲ ਸਰਕਾਰ ਚਲਾਉਣ ਦਾ ਤਜਰਬਾ ਹੈ।



