ਅੰਮ੍ਰਿਤਸਰ- ਇੱਥੋਂ ਦੇ ਘਨੂੰਪੁਰ ਕਾਲੇ ਇਲਾਕੇ ਵਿੱਚ ਗੁਬਾਰਿਆਂ ਵਿੱਚ ਹਵਾ ਭਰਨ ਵਾਲਾ ਹਾਈਡਰੋਜਨ ਗੈਸ ਦਾ ਸਿਲੰਡਰ ਫਟਣ ਕਾਰਨ ਸੱਤ ਬੱਚਿਆਂ ਸਣੇ ਨੌਂ ਵਿਅਕਤੀ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਇਹ ਹਾਦਸਾ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੇ ਡੇਰੇ ਨੇੜੇ ਵਾਪਰਿਆ, ਜਿਥੇ ਮੇਲਾ ਲੱਗਾ ਸੀ ਅਤੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ। ਜ਼ਖਮੀਆਂ ਵਿੱਚ ਸਤਨਾਮ ਸਿੰਘ (32) ਏਕਮਪ੍ਰੀਤ ਸਿੰਘ (5), ਨਵਪ੍ਰੀਤ ਸਿੰਘ (13), ਗੁਰਪ੍ਰੀਤ ਸਿੰਘ (6), ਸੁਨੇਹਾ (6), ਆਕਾਸ਼ਦੀਪ (14), ਜਸ਼ਨਦੀਪ (10), ਅੰਮ੍ਰਿਤਪਾਲ ਸਿੰਘ (8), ਗੁਬਾਰੇ ਵੇਚਣ ਵਾਲਾ ਸਤਨਾਮ ਸਿੰਘ (60) ਸ਼ਾਮਲ ਹਨ। ਸਤਨਾਮ ਸਿੰਘ ਸਮੇਤ ਸਮੇਤ ਦੋ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੇ ਵੇਰਵਿਆਂ ਮੁਤਾਬਕ ਗੁਬਾਰੇ ਵਿੱਚ ਗੈਸ ਭਰਦਿਆਂ ਅਚਾਨਕ ਹੀ ਸਿਲੰਡਰ ਫਟ ਗਿਆ ਅਤੇ ਗੁਬਾਰੇ ਖਰੀਦਦੇ ਕੋਲ ਖੜ੍ਹੇ ਬੱਚਿਆਂ ਨੂੰ ਵਧੇਰੇ ਸੱਟਾਂ ਲੱਗੀਆਂ ਹਨ। ਵਿਧਾਇਕ ਰਾਜ ਕੁਮਾਰ ਵੇਰਕਾ ਜ਼ਖਮੀ ਬੱਚਿਆਂ ਦਾ ਪਤਾ ਲੈਣ ਲਈ ਮੌਕੇ ‘ਤੇ ਹਸਪਤਾਲ ਪੁੱਜੇ। ਉਨ੍ਹਾਂ ਆਖਿਆ ਕਿ ਜ਼ਖਮੀਆਂ ਦੇ ਇਲਾਜ ਦਾ ਖਰਚਾ ਸਰਕਾਰ ਵੱਲੋਂ ਦਿਵਾਉਣ ਵਾਸਤੇ ਯਤਨ ਕੀਤਾ ਜਾਵੇਗਾ। ਇਸ ਦੌਰਾਨ ਸਬੰਧਤ ਥਾਣੇ ਦੇ ਵਧੀਕ ਐੱਸਐੱਚਓ ਸਤੀਸ਼ ਕੁਮਾਰ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ ਹੈ।




