ਚੀਮਾ ਮੰਡੀ- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਸਮੁੱਚੀ ਪੰਜਾਬ ਇਕਾਈ ਵੱਲੋਂ ਅੱਜ ਇੱਥੇ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡਾਲੇਵਾਲ ਦੀ ਅਗਵਾਈ ਹੇਠ ਸੁਨਾਮ-ਮਾਨਸਾ ਮੁੱਖ ਸੜਕ ’ਤੇ ਆਵਾਜਾਈ ਠੱਪ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਸਾੜੇ ਗਏ। ਜਥੇਬੰਦੀ ਨੇ ਸਥਾਨਕ ਅਨਾਜ ਮੰਡੀ ਵਿੱਚ ਅਣਮਿੱਥੇ ਸਮੇਂ ਲਈ ਸੂਬਾਈ ਧਰਨਾ ਵੀ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਇਸ ਜਥੇਬੰਦੀ ਦਾ ਟਰੈਕਟਰ ਟਰਾਲੀਆਂ ਰਾਹੀਂ ਸੈਂਕੜੇ ਕਿਸਾਨਾਂ ਦਾ ਕਾਫ਼ਲਾ ਦਿੱਲੀ ਧਰਨੇ ਲਈ ਜਾ ਰਿਹਾ ਸੀ। ਇਸ ਕਾਫ਼ਲੇ ਨੂੰ ਬੀਤੀ ਰਾਤ ਸੰਗਰੂਰ ਤੇ ਮਾਨਸਾ ਜ਼ਿਲ੍ਹੇ ਦੀ ਪੁਲੀਸ ਨੇ ਰੋਕ ਲਿਆ ਅਤੇ ਪੁਲੀਸ ਦਾ ਚਾਰੇ ਪਾਸੇ ਘੇਰਾ ਹੋਣ ਕਾਰਨ ਕਿਸਾਨਾਂ ਨੇ ਸਾਰੀ ਰਾਤ ਇੱਥੇ ਹੀ ਬਤੀਤ ਕੀਤੀ। ਅੱਜ ਸਵੇਰ ਤੋਂ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਮਨਦੀਪ ਸਿੰਘ ਸਿੱਧੂ, ਮਾਨਸਾ ਦੇ ਪੁਲੀਸ ਮੁਖੀ ਪੀ.ਬੀ.ਐੱਸ. ਪਰਮਾਰ, ਹਰਿੰਦਰ ਸਿੰਘ ਐੱਸਪੀ. ਸੰਗਰੂਰ, ਵਿਲੀਅਮ ਜੇਜੀ ਡੀ.ਐੱਸ.ਪੀ. ਸੁਨਾਮ ਤੇ ਚੀਮਾ ਦੇ ਥਾਣਾ ਮੁਖੀ ਬਲਦੇਵ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਸਨ। ਦੂਜੇ ਪਾਸੇ ਜਥੇਬੰਦੀ ਦੇ ਸੂਬਾਈ ਆਗੂ ਭਾਰੀ ਗਿਣਤੀ ਵਿੱਚ ਵੀ ਇਕੱਠੇ ਹੋ ਗਏ। ਜਥੇਬੰਦੀ ਦੇ ਸੂਬਾ ਪ੍ਰਧਾਨ ਸ੍ਰੀ ਡਾਲੇਵਾਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਤੇ ਕਰਜ਼ਾ ਮੁਕਤੀ ਸਬੰਧੀ ਦਿੱਲੀ ਵਿੱਚ ਧਰਨਾ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਇਸ ਧਰਨੇ ਅਸਫ਼ਲ ਬਣਾਉਣ ਲਈ ਜਿੱਥੇ ਕਿਸਾਨਾਂ ਦੇ ਕਾਫ਼ਲਿਆਂ ਨੂੰ ਰਸਤਿਆਂ ਵਿੱਚ ਜਬਰੀ ਰੋਕਿਆ, ਉਥੇ ਕਿਸਾਨ ਆਗੂਆਂ ਨੂੰ ਫੜਨ ਲਈ ਪੁਲੀਸ ਕੋਲੋਂ ਛਾਪੇ ਵੀ ਮਰਵਾਏ। ਉਨ੍ਹਾਂ ਹਰਿਆਣਾ ਤੇ ਯੂਪੀ ਪੁਲੀਸ ਵੱਲੋਂ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਦੀ ਵੀ ਨਿਖੇਧੀ ਕੀਤੀ।



