• Home
  • |
  • About Us
  • |
  • Contact Us
  • |

ਸੰਗਰੂਰ- ਸੰਗਰੂਰ ਪੁਲੀਸ ਵਲੋਂ ਪਿੰਡ ਬਾਪਲਾ ਵਿੱਚ ਕਰੀਬ ਇੱਕ ਹਫ਼ਤਾ ਪਹਿਲਾਂ ਪਰਵਾਸੀ ਮਜ਼ਦੂਰ ਦੇ ਹੋਏ ਕਤਲ ਦੀ ਗੁੱਥੀ ਸੁਲਝਾ ਲਈ ਹੈ। ਕਤਲ ਦੇ ਦੋਸ਼ ਹੇਠ ਮ੍ਰਿਤਕ ਦੇ ਦੋਸਤ ਦੋ ਪਰਵਾਸੀ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕਰਕੇ ਮ੍ਰਿਤਕ ਦਾ ਮੋਬਾਈਲ ਫੋਨ ਅਤੇ ਘਟਨਾ ਮੌਕੇ ਪਹਿਨੇ ਖੂਨ ਨਾਲ ਲਿਬੜੇ ਕੱਪੜੇ ਅਤੇ ਬੂਟ ਬਰਾਮਦ ਕਰ ਲਏ ਹਨ। ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਹਰਮੀਤ ਸਿੰਘ ਹੁੰਦਲ ਐਸ.ਪੀ. (ਡੀ ) ਨੇ ਦੱਸਿਆ ਕਿ ਧਰਵਿੰਦਰ ਸਾਧਾ (30)  ਵਾਸੀ ਸੁਖਾਸਨੀ ਜ਼ਿਲ੍ਹਾ ਸਿਹਾਰਸਾ (ਬਿਹਾਰ) ਪਿੰਡ ਬਾਪਲਾ ਵਿਚ ਇੱਕ ਕਿਸਾਨ ਦੇ ਘਰ ਨੌਕਰੀ ਕਰਦਾ ਸੀ।  17 ਫਰਵਰੀ ਦੀ ਰਾਤ ਨੂੰ ਪਿੰਡ ਬਾਪਲਾ ਵਿੱਚ ਮਾਣਕੀ ਨੂੰ ਜਾਂਦੀ ਸੜਕ ’ਤੇ ਲੱਗੇ ਮੋਬਾਈਲ ਟਾਵਰ ਨੇੜੇ ਖੇਤਾਂ ਨੂੰ ਜਾਂਦੀ ਪਹੀ ’ਚੋ ਧਰਵਿੰਦਰ ਸਾਧਾ ਦੀ ਲਾਸ਼ ਮਿਲੀ ਸੀ। ਮਾਮਲਾ ਸੁਲਝਾਉਣ ਲਈ ਉਨ੍ਹਾਂ ਸਮੇਤ ਐਸਪੀ ਮਲੇਰਕੋਟਲਾ, ਡੀਐਸਪੀ ਮਲੇਰਕੋਟਲਾ, ਥਾਣਾ ਮੁਖੀ ਸੰਦੌੜ ਅਤੇ ਇੰਚਾਰਜ ਸੀਆਈਏ ’ਤੇ ਅਧਾਰਿਤ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਜਾਂਚ ਦੌਰਾਨ ਪਰਵਾਸੀ ਮਜ਼ਦੂਰ ਮੁੰਨਾ ਕੁਮਾਰ ਯਾਦਵ ਵਾਸੀ ਬਿਹਾਰ ਹਾਲ ਆਬਾਦ ਪਿੰਡ ਬਾਪਲਾ ਅਤੇ ਅਜੇ ਕੁਮਾਰ ਮੁੰਨੀ ਵਾਸੀ ਬਿਹਾਰ ਹਾਲ ਅਬਾਦ ਪਿੰਡ ਪੰਜਗਰਾਈਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐਸ.ਪੀ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਹੈ ਕਿ ਧਰਵਿੰਦਰ ਸਾਧਾ ਉਨ੍ਹਾਂ ਦਾ ਦੋਸਤ ਸੀ ਜੋ ਮੁੰਨਾ ਯਾਦਵ ਦੀ ਬਿਹਾਰ ਰਹਿੰਦੀ ਦੋਸਤ ਲੜਕੀ ਨੂੰ ਫੋਨ ਕਰਕੇ ਤੰਗ ਪ੍ਰੇਸ਼ਾਨ ਕਰਦਾ ਸੀ। ਮੁੰਨਾ ਯਾਦਵ ਨੇ ਆਪਣੇ ਦੋਸਤ ਅਜੇ ਕੁਮਾਰ ਮੁੰਨੀ ਨਾਲ ਕਥਿਤ ਸਾਜ਼ਿਸ਼ ਰਚ ਕੇ ਧਰਮਿੰਦਰ ਸਾਧਾ ਨੂੰ 17 ਫਰਵਰੀ ਦੀ ਰਾਤ ਨੂੰ ਸ਼ਰਾਬ ਪਿਲਾਈ। ਪਹਿਲਾਂ ਕੁੱਟਮਾਰ ਕੀਤੀ ਤੇ ਫ਼ਿਰ ਉਸਦੇ ਸਿਰ ਉਪਰ ਭਾਰੀ ਪੱਥਰ ਮਾਰ ਕੇ ਕਤਲ ਕਰ ਦਿੱਤਾ।