• Home
  • |
  • About Us
  • |
  • Contact Us
  • |

ਅੰਮ੍ਰਿਤਸਰ- ਸਦੀ ਪੁਰਾਣੀ ਸਿੱਖ ਧਾਰਮਿਕ ਤੇ ਵਿਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ, ਮੀਤ ਪ੍ਰਧਾਨ ਅਤੇ ਸਕੱਤਰ ਦੇ ਅਹੁਦੇ ਵਾਸਤੇ ਚਾਰ ਮਾਰਚ ਨੂੰ ਹੋਣ ਵਾਲੀ ਚੋਣ ਲਗਪਗ 24 ਵਰ੍ਹਿਆਂ ਮਗਰੋਂ ਬੈਲਟ ਪੇਪਰਾਂ ਰਾਹੀਂ ਹੋਵੇਗੀ। ਤਿੰਨਾਂ ਅਹੁਦਿਆਂ ਵਾਸਤੇ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਕੁਲ 11 ਮੈਂਬਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਰੀਕ 27 ਫਰਵਰੀ ਹੈ। ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਦੱਸਿਆ ਕਿ ਚਾਰ ਮਾਰਚ ਨੂੰ ਸੱਦੇ ਗਏ ਜਨਰਲ ਇਜਲਾਸ ਵਿਚ ਇਸ ਵਾਰ ਬੈਲਟ ਪੇਪਰ ਰਾਹੀਂ ਵੱਖ ਵੱਖ ਅਹੁਦਿਆਂ ਵਾਸਤੇ ਚੋਣ ਹੋਵੇਗੀ। ਇਸ ਤੋਂ ਪਹਿਲਾ 1994 ਵਿਚ ਬੈਲਟ ਪੇਪਰ ਰਾਹੀਂ ਚੋਣ ਹੋਈ ਸੀ। ਉਸ ਤੋਂ ਬਾਅਦ ਹੁਣ ਤਕ ਇਹ ਚੋਣਾਂ ਸਰਵ ਸੰਮਤੀ ਨਾਲ ਹੀ ਹੁੰਦੀਆਂ ਰਹੀਆਂ ਹਨ। ਉਨ੍ਹਾਂ ਦਸਿਆ ਕਿ ਪ੍ਰਧਾਨ ਦੇ ਅਹੁਦੇ ਵਾਸਤੇ ਚਾਰ ਮੈਂਬਰ ਮੈਦਾਨ ਵਿਚ ਹਨ, ਜਿਨ੍ਹਾਂ ਵਿਚ ਡਾਕਟਰ ਸੰਤੋਖ ਸਿੰਘ, ਰਾਜ ਮਹਿੰਦਰ ਸਿੰਘ ਮਜੀਠਾ, ਧਨਰਾਜ ਸਿੰਘ ਅਤੇ ਨਿਰਮਲ ਸਿੰਘ ਸ਼ਾਮਲ ਸਨ।ਮੀਤ ਪ੍ਰਧਾਨ ਦੇ ਅਹੁਦੇ ਵਾਸਤੇ ਬਲਦੇਵ ਸਿੰਘ ਚੌਹਾਨ , ਨਿਰਮਲ ਸਿੰਘ, ਸਰਬਜੀਤ ਸਿੰਘ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਚਾਰ ਮੈਂਬਰ ਅਤੇ ਸਕੱਤਰ ਦੇ ਖਾਲੀ ਅਹੁਦੇ ਵਾਸਤੇ ਤਿੰਨ ਮੈਂਬਰ ਸੰਤੋਖ ਸਿੰਘ ਸੇਠੀ, ਗੁਰਿੰਦਰ ਸਿੰਘ ਚਾਵਲਾ ਅਤੇ ਸੁਰਜੀਤ ਸਿੰਘ ਮੈਦਾਨ ਵਿਚ ਨਿਤਰੇ ਹਨ। ਇਸ ਚੋਣ ਵਾਸਤੇ ਲੋੜੀਂਦੇ ਪ੍ਰਬੰਧ ਕਰਨ ਲਈ ਚੀਫ ਖਾਲਸਾ ਦੀਵਾਨ ਦੀ ਕਾਰਜਸਾਧਕ ਕਮੇਟੀ ਦੀ ਮੀਟਿੰਗ 26 ਫਰਵਰੀ ਨੂੰ ਸੱਦੀ ਗਈ ਹੈ, ਜਿਸ ਵਿਚ ਬੈਲਟ ਪੇਪਰ ਰਾਹੀਂ ਹੋਣ ਵਾਲੀ ਚੋਣ ਵਾਸਤੇ ਲੋੜੀਂਦੇ ਪ੍ਰਬੰਧ ਕਰਨ ਅਤੇ ਰਿਟਰਨਿੰਗ ਅਧਿਕਾਰੀ ਅਤੇ ਕਨਵੀਨਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਇਥੇ ਦੱਸਣਯੋਗ ਹੈ ਕਿ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਦਾ ਅਹੁਦਾ ਚਰਨਜੀਤ ਸਿੰਘ ਚੱਢਾ ਵਲੋਂ ਅਸਤੀਫਾ ਦਿੱਤੇ ਜਾਣ ਅਤੇ ਦੀਵਾਨ ਵੱਲੋਂ ਉਸ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕੀਤੇ ਜਾਣ ਕਾਰਨ ਖਾਲੀ ਹੋਇਆ ਹੈ। ਚਰਨਜੀਤ ਸਿੰਘ ਚੱਢਾ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਜੋ ਦੀਵਾਨ ਦੇ ਮੀਤ ਪ੍ਰਧਾਨ ਸਨ,ਦੀ ਮੌਤ ਨਾਲ ਮੀਤ ਪ੍ਰਧਾਨ ਦਾ ਅਹੁਦਾ ਖਾਲੀ ਹੋ ਗਿਆ ਸੀ। ਸਕੱਤਰ ਦਾ ਅਹੁਦਾ ਪਹਿਲਾਂ ਹੀ ਖਾਲੀ ਸੀ। ਮਿਲੀ ਜਾਣਕਾਰੀ ਮੁਤਾਬਕ ਚੀਫ ਖਾਲਸਾ ਦੀਵਾਨ ਦੇ ਇਨ੍ਹਾਂ ਅਹੁਦਿਆਂ ਦੀ ਚੋਣ ਵਾਸਤੇ ਤਿੰਨ ਧੜੇ ਜ਼ੋਰ ਅਜ਼ਮਾਈ ਕਰ ਰਹੇ ਹਨ, ਜਿਨ੍ਹਾਂ ਵਿਚ ਇਕ ਧੜਾ ਚਰਨਜੀਤ ਸਿੰਘ ਚੱਢਾ ਸਮਰਥਕ , ਦੂਜਾ ਭਾਗ ਸਿੰਘ ਅਣਖੀ ਸਮਰਥਕ ਅਤੇ ਤੀਜਾ ਧੜਾ ਧਨਰਾਜ ਸਿੰਘ ਸਮਰਥਕਾਂ ਦਾ ਹੈ।