• Home
  • |
  • About Us
  • |
  • Contact Us
  • |

ਸੰਗਰੂਰ- ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਵਿੱਚ ਹੋਏ 11,400 ਕਰੋੜ ਰੁਪਏ ਦੇ ਘੁਪਲੇ ਦੇ ਵਿਰੋਧ ਵਿੱਚ ਪੰਜਾਬ ਯੂਥ ਕਾਂਗਰਸ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਅੱਜ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਰਾਸ਼ਟਰਪਤੀ ਦੇ ਨਾਮ ਮੋਦੀ ਸਰਕਾਰ ਨੂੰ ਭੰਗ ਕਰਨ ਲਈ ਇੱਕ ਮੰਗ ਪੱਤਰ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ। ਉਧਰ ਯੂਥ ਕਾਂਗਰਸ ਵੱਲੋਂ ਸ਼ਹਿਰ ’ਚ ਬੈਂਕ ਦੀ ਮੁੱਖ ਬਰਾਂਚ ਅੱਗੇ 24 ਘੰਟੇ ਲਈ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਦੂਜੇ ਦਿਨ ਖ਼ਤਮ ਹੋ ਗਈ। ਹਲਕਾ ਧੂਰੀ ਦੇ ਵਿਧਾਇਕ ਦਲਬੀਰ ਸਿੰਘ ਗੋਲਡੀ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਵੱਲੋਂ ਕਾਰਕੁਨਾਂ ਨੂੰ ਜੂਸ ਪਿਲਾ ਕੇ ਭੁੱਖ ਹੜਤਾਲ ਖ਼ਤਮ ਕਰਵਾਈ ਗਈ। ਇਸ ਦੌਰਾਨ ਵਿਧਾਇਕ ਦਲਬੀਰ ਸਿੰਘ ਗੋਲਡੀ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਮਾਰਚ ਦੌਰਾਨ ਵਰਕਰਾਂ ਵੱਲੋਂ ਘੁਟਾਲੇ ਦੇ ਮੁਲਜ਼ਮਾਂ ਦੀਆਂ ਤਸਵੀਰਾਂ ਵਾਲੇ ਮਾਟੋ ਚੁੱਕੇ ਹੋਏ ਸਨ, ਜਿਨ੍ਹਾਂ ’ਤੇ ਮੋਦੀ ਸਰਕਾਰ ਖ਼ਿਲਾਫ਼ ਵੱਖ-ਵੱਖ ਵਿਅੰਗ ਲਿਖੇ ਹੋਏ ਸਨ। ਰੋਸ ਮਾਰਚ ਕਰਦੇ ਕਾਂਗਰਸੀ ਵਰਕਰ ਜਿਉਂ ਹੀ ਡੀਸੀ ਕੰਪਲੈਕਸ ਅੱਗੇ ਪੁੱਜੇ, ਤਾਂ ਮੁੱਖ ਗੇਟ ਪੁਲੀਸ ਨੇ ਬੰਦ ਕਰ ਦਿੱਤਾ। ਰੋਹ ’ਚ ਆਏ ਵਿਧਾਇਕ ਨੇ ਕਿਹਾ, ‘‘ਤੁਹਾਨੂੰ ਪਤਾ ਨਹੀਂ ਸੱਤਾਧਾਰੀ ਧਿਰ ਦਾ ਐੱਮਐਲਏ ਆਇਆ ਹੈ, ਗੇਟ ਕਿਉਂ ਬੰਦ ਕੀਤਾ ਹੈ।’’ ਇਸ ਦੌਰਾਨ ਇੱਕ ਯੂਥ ਕਾਂਗਰਸੀ ਵਰਕਰ ਗੇਟ ਉਪਰੋਂ ਟੱਪ ਕੇ ਅੰਦਰ ਦਾਖ਼ਲ ਹੋਇਆ ਤੇ ਗੇਟ ਖੋਲ੍ਹ ਦਿੱਤਾ। ਇਸ ਮਗਰੋਂ ਕਾਂਗਰਸੀ ਵਰਕਰਾਂ ਵੱਲੋਂ ਏਡੀਸੀ ਉਪਕਾਰ ਸਿੰਘ ਨੂੰ ਮੰਗ ਪੱਤਰ ਸੌਂਪਿਆ।