ਨਵੀਂ ਦਿੱਲੀ- ਦਿੱਲੀ ਪੁਲੀਸ ਦੀ ਇਕ ਟੀਮ ਵੱਲੋਂ ਅੱਜ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੀ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਨਿਵਾਸ ਦੀ ਤਲਾਸ਼ੀ ਲਈ ਗਈ। ਦਿੱਲੀ ਪੁਲੀਸ ਦੇ ਵਧੀਕ ਡੀਸੀਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਦੀ ਇਕ ਟੀਮ ਮੁੱਖ ਮੰਤਰੀ ਨਿਵਾਸ ਵਿਖੇ ਮੁੱਖ ਸਕੱਤਰ ਦੀ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈਣ ਗਈ ਸੀ। ਪੁਲੀਸ ਵੱਲੋਂ ਉੱਥੇ ਲੱਗੇ 21 ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 14 ਕੈਮਰੇ ਚੱਲ ਰਹੇ ਸਨ। ਇਸ ਦੌਰਾਨ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਬੰਧੀ ਇਕ ਹਾਰਡ ਡਿਸਕ ਕਬਜ਼ੇ ਵਿੱਚ ਲਈ ਗਈ ਹੈ। ਮੁੱਖ ਮੰਤਰੀ ਸ੍ਰੀ ਕੇਜਰੀਵਾਲ ਨੇ ਇਸ ਕਾਰਵਾਈ ਬਾਰੇ ਕਿਹਾ ਕਿ ਪੁਲੀਸ ਵੱਲੋਂ ਜਿੰਨੀ ਸ਼ਿੱਦਤ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉਸ ਦੀ ਉਨ੍ਹਾਂ ਨੂੰ ਖੁਸ਼ੀ ਹੈ ਪਰ ਉਹ ਜਾਂਚ ਏਜੰਸੀਆਂ ਜੱਜ ਲੋਯਾ ਦੇ ਕਤਲ ਦੇ ਮਾਮਲੇ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਤੋਂ ਪੁੱਛ-ਪੜਤਾਲ ਕਰਨ ਦੀ ਹਿੰਮਤ ਵੀ ਜੁਟਾਉਣ। ਉੱਧਰ, ‘ਆਪ’ ਦੇ ਕੌਮੀ ਬੁਲਾਰੇ ਆਸ਼ੂਤੋਸ਼ ਨੇ ਮੁੱਖ ਮੰਤਰੀ ਰਿਹਾਇਸ਼ ਦੀ ਤਲਾਸ਼ੀ ਨੂੰ ਦਿੱਲੀ ਪੁਲੀਸ ਦੀ ‘ਦਾਦਾਗਿਰੀ’ ਕਰਾਰ ਦਿੱਤਾ ਹੈ। ਇਸੇ ਦੌਰਾਨ ਦਿੱਲੀ ਸਰਕਾਰ ਅਧੀਨ ਕੰਮ ਕਰਦੇ ਆਈਏਐਸ ਅਧਿਕਾਰੀਆਂ ਦਾ ਇਕ ਵਫ਼ਦ ਅੱਜ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਜਿਤੇਂਦਰ ਸਿੰਘ ਨੂੰ ਮਿਲਿਆ ਅਤੇ ਆਪਣੀਆਂ ਸ਼ਿਕਾਇਤਾਂ ਦੱਸੀਆਂ।




