ਭੁੱਚੋ ਮੰਡੀ- ਲਹਿਰਾ ਬੇਗਾ ਕਾਂਡ ਦੇ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਪਿੰਡ ਲਹਿਰਾ ਬੇਗਾ ਕੋਲ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹਰਾਹ ’ਤੇ ਜਾਮ ਲਾਇਆ ਜੋ ਚਾਰ ਘੰਟੇ ਜਾਰੀ ਰਿਹਾ। ਧਰਨਾਕਾਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰਾਹਗੀਰਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਅਤੇ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਬਿੰਦੂ ਨੇ ਕਿਹਾ ਕਿ ਪਟਵਾਰੀ ਜਗਜੀਤ ਸਿੰਘ ਜੱਗਾ ਅਤੇ ਸਾਥੀਆਂ ਨੇ ਸਰਕਾਰੀ ਦਸਤਾਵੇਜ਼ਾਂ ਵਿੱਚ ਛੇੜਛਾੜ ਕਰਕੇ ਕਿਸਾਨ ਜਸਵੰਤ ਸਿੰਘ (68) ਪੁੱਤਰ ਚਤਿੰਨ ਸਿੰਘ ਵਾਸੀ ਲਹਿਰਾ ਬੇਗਾ ਨਾਲ ਅਨਾਜ ਮੰਡੀ ਲਈ ਐਕੁਆਇਰ ਹੋਈ ਜ਼ਮੀਨ ਦੇ ਮੁਆਵਜ਼ੇ ਵਿੱਚ 26 ਲੱਖ ਦੀ ਠੱਗੀ ਮਾਰੀ ਸੀ। ਇਸ ਤੋਂ ਦੁਖੀ ਹੋ ਕੇ ਕਿਸਾਨ ਨੇ 10 ਮਈ 2017 ਨੂੰ ਪਟਵਾਰਖਾਨੇ ਵਿੱਚ ਖੁਦਕੁਸ਼ੀ ਕਰ ਲਈ ਸੀ। ਕਿਸਾਨਾਂ ਦੇ ਤਿੱਖੇ ਸੰਘਰਸ਼ ਸਦਕਾ ਪੀੜਤ ਪਰਿਵਾਰ ਨੂੰ ਦੋ ਸਾਲ ਬਾਅਦ 26 ਲੱਖ ਦਾ ਮੁਆਵਜ਼ਾ ਤਾਂ ਮਿਲ ਗਿਆ, ਪਰ ਪੁਲੀਸ ਨੇ ਹਾਲੇ ਤੱਕ ਮੁਲਜ਼ਮਾਂ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਪਿਛਲੇ 9 ਮਹੀਨਿਆਂ ਤੋਂ ਟਾਲ-ਮਟੋਲ ਕਰ ਰਿਹਾ ਹੈ। ਬਲਾਕ ਪ੍ਰਧਾਨ ਮਨਜੀਤ ਸਿੰਘ ਭੁੱਚੋ ਖੁਰਦ ਨੇ ਕਿਹਾ ਕਿ ਲਹਿਰਾ ਬੇਗਾ ਕਾਂਡ ਦੇ ਮੁੱਖ ਮੁਲਜ਼ਮ ਪਟਵਾਰੀ ਦੇ ਰਿਸ਼ਤੇਦਾਰਾਂ ਵੱਲੋਂ ਉਸ ਨੂੰ ਇਹ ਕਹਿ ਕੇ ਧਮਕਾਇਆ ਜਾ ਰਿਹਾ ਹੈ, ਕਿ ਜੇਕਰ ਉਨ੍ਹਾਂ ਦੇ ਸੰਘਰਸ਼ਾਂ ਤੋਂ ਤੰਗ ਆ ਕੇ ਪਟਵਾਰੀ ਨੇ ਖੁਦਕੁਸ਼ੀ ਕਰ ਲਈ, ਤਾਂ ਉਹ ਇਸ ਦੇ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਧਮਕੀ ਦੀ ਪਰਵਾਹ ਨਹੀਂ ਕਰਨਗੇ, ਸਗੋਂ ਹੱਕ ਸੱਚ ਨਾਲ ਖੜ੍ਹਦਿਆਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ ਜਾਰੀ ਰੱਖਣਗੇ। ਆਗੂਆਂ ਨੇ ਮੰਗ ਕੀਤੀ ਕਿ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਜਾਵੇ, ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ, ਦੋ ਸਾਲ ਲੇਟ ਮਿਲੇ 26 ਲੱਖ ਰੁਪਏ ਦਾ ਵਿਆਜ਼ ਦਿੱਤਾ ਜਾਵੇ ਅਤੇ ਕਿਸਾਨ ਆਗੂਆਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਹੋਰਨਾਂ ਤੋਂ ਇਲਾਵਾ ਸੰਤੋਖ ਸਿੰਘ, ਹੁਸ਼ਿਆਰ ਸਿੰਘ, ਬਲਜੀਤ ਸਿੰਘ, ਤੋਗਾ ਸਿੰਘ, ਬਚਿੱਤਰ ਸਿੰਘ, ਅਮਰੀਕ ਸਿਵੀਆਂ, ਬਸੰਤ ਕੋਠਾਗੁਰੂ ਅਤੇ ਮੋਹਨ ਚੱਠੇਵਾਲਾ ਨੇ ਵੀ ਸੰਬੋਧਨ ਕੀਤਾ।




