ਮੁੰਬਈ- ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਕਿਹਾ ਕਿ ਉਸ ਨੇ 14000 ਕਰੋੜ ਰੁਪਏ ਦੇ ਪੀਐਨਬੀ ਕਾਂਡ ਵਿੱਚ ਕਾਲੇ ਧਨ ਨੂੰ ਸਫੇਦ ਬਣਾਉਣ ਦੇ ਕੇਸ ਵਿੱਚ ਨੀਰਵ ਮੋਦੀ ਤੇ ਮੇਹੁਲ ਚੋਕਸੀ ਦੇ ਸ਼ੇਅਰ, ਜਮਾਂਪੂੰਜੀਆਂ ਤੇ ਲਗਜ਼ਰੀ ਕਾਰਾਂ ਜ਼ਬਤ ਕੀਤੀਆਂ ਹਨ ਜਿਨ੍ਹਾਂ ਦੀ ਕੀਮਤ 100 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੋਦੀ ਦੇ 86.72 ਕਰੋੜ ਰੁਪਏ ਤੇ ਚੋਕਸੀ ਤੇ ਉਸ ਦੇ ਗਰੁੱਪ ਦੇ 7.80 ਕਰੋੜ ਰੁਪਏ ਦੇ ਮਿਉੂਚਲ ਫੰਡ ਤੇ ਸ਼ੇਅਰ ਜ਼ਬਤ ਕੀਤੇ ਹਨ। ਇਨ੍ਹਾਂ ਤੋਂ ਇਲਾਵਾ ਜ਼ਬਤ ਕੀਤੀਆਂ ਚਾਰ ਕਾਰਾਂ ਦੀ ਕੀਮਤ ਵੀ ਕੁਝ ਕਰੋੜ ਰੁਪਏ ਬਣਦੀ ਹੈ। ਏਜੰਸੀ ਦਾ ਕਹਿਣਾ ਹੈ ਕਿ ਹੁਣ ਤਕ ਇਸ ਫਰਾਡ ਨਾਲ ਸਬੰਧਤ ਜ਼ਬਤ ਕੀਤੇ ਅਸਾਸਿਆਂ ਦੀ ਕੁੱਲ ਕੀਮਤ 5826 ਕਰੋੜ ਰੁਪਏ ਮੰਨੀ ਜਾ ਰਹੀ ਹੈ। ਈਡੀ ਨੇ ਵੱਖ ਵੱਖ ਥਾਈਂ ਛਾਪੇ ਮਾਰ ਕੇ ਮੋਦੀ ਦੀਆਂ 9 ਸ਼ਾਨਦਾਰ ਕਾਰਾਂ ਜ਼ਬਤ ਕੀਤੀਆਂ ਹਨ ਜਿਨ੍ਹਾਂ ਵਿੱਚ ਰੌਲਜ਼ ਰੌਇਸ ‘ਗ਼ੋਸਟ’, ਮਰਸਿਡੀਜ਼ ਬੈਂਜ਼, ਪੋਰਸ਼ੇ ਪੈਨਾਮੇਰਾ, ਹੌਂਡਾ ਦੇ ਤਿੰੰਨ ਮਾਡਲ ਅਤੇ ਇਕ ਟੋਯੋਟਾ ਫਾਰਚਿਉਨਰ ਤੇ ਇਕ ਇਨੋਵਾ ਸ਼ਾਮਲ। ਈਡੀ ਸਾਹਮਣੇ ਪੇਸ਼ ਨਾ ਹੋਣ ’ਤੇ ਏਜੰਸੀ ਨੇ ਇਸ ਭਗੌੜੇ ਕਾਰੋਬਾਰੀ ਖ਼ਿਲਾਫ਼ ਨਵੇਂ ਸਿਰਿਓਂ ਸੰਮਨ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਆਮਦਨ ਕਰ ਵਿਭਾਗ ਨੇ ਹੈਦਰਾਬਾਦ ਦੇ ਵਿਸ਼ੇਸ਼ ਆਰਥਿਕ ਜ਼ੋਨ ਵਿੱਚ ਸਥਿਤ ਮੇਹੁਲ ਚੋਕਸੀ ਦੇ ਗੀਤਾਂਜਲੀ ਗਰੁੱਪ ਦੀ 1200 ਕਰੋੜ ਰੁਪਏ ਮੁੱਲ ਦੀ ਸੰਪਤੀ ਅਟੈਚ ਕਰ ਦਿੱਤੀ ਹੈ। ਉਧਰ ਸਰਕਾਰੀ ਮਾਲਕੀ ਵਾਲੀ ਪੰਜਾਬ ਨੈਸ਼ਨਲ ਬੈਂਕ ਨੇ ਕਿਹਾ ਕਿ ਉਸ ਨੇ 11400 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਆਪਣੀਆਂ ਲੈਣਦਾਰੀਆਂ ਦੀ ਵਸੂਲੀ ਲਈ ਕਾਨੂੰਨੀ ਰਾਹ ਅਖਤਿਆਰ ਕੀਤਾ। ਇਸ ਦੇ ਨਾਲ ਹੀ ਬੈਂਕ ਨੇ ਕਿਹਾ ਕਿ ਉਸ ਕੋਲ ਕਿਸੇ ਵੀ ਤਰ੍ਹਾਂ ਦੀ ਦੇਣਦਾਰੀ ਦਾ ਨਿਰਬਾਹ ਕਰਨ ਜੋਗੇ ਅਸਾਸੇ ਤੇ ਪੂੰਜੀ ਮੌਜੂਦ ਹੈ ਜਿਸ ਕਰ ਕੇ ਗਾਹਕਾਂ ਤੇ ਨਿਵੇਸ਼ਕਾਂ ਨੂੰ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਬੈਂਕ ਨੇ ਕਿਹਾ ਕਿ ਮੁਢਲੀ ਜਾਂਚ ਰਿਪੋਰਟ ਦੇ ਆਧਾਰ ’ਤੇ ਹੀ ਉਸ ਨੇ ਸ਼ੁਰੂਆਤੀ ਤੌਰ ’ਤੇ 280.7 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਦੀ ਬੰਬਈ ਸ਼ੇਅਰ ਬਾਜ਼ਾਰ ਅਤੇ ਨਿਫਟੀ ਦੇ ਬੋਰਡ ਨੂੰ ਇਤਲਾਹ ਦਿੱਤੀ ਸੀ।



