ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਅਕਾਲੀ ਦਲ ਦੀ ਜਿੱਤ ਵੱਡੀ ਰਾਹਤ ਸਾਬਤ ਹੋ ਰਹੀ ਹੈ ਕਿਉਂਕਿ ਸਿਰਸਾ ਡੇਰਾ ਵਿਵਾਦ 'ਚ ਉਲਝੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਕਾਫ਼ੀ ਦੇਸ਼ ਵਿਦੇਸ਼ ਵਿੱਚ ਵਿਰੋਧ ਹੋ ਰਿਹਾ ਸੀ। ਇਸ ਜਿੱਤ ਦਾ ਸਿਹਰਾ ਦਿੱਲੀ ਦੀ ਅਕਾਲੀ ਦਲ ਵਿੱਚਲੀ ਲੀਡਰਸ਼ਿਪ ਨੂੰ ਹੀ ਜਾਂਦਾ ਹੈ ਜਿਸਦੀ ਅਗਵਾਈ ਸ.ਮਨਜੀਤ ਸਿੰਘ ਜੀ.ਕੇ. ਹੁਰੀਂ ਕਰ ਰਹੇ ਸਨ। ਕੁਲ 46 ਸੀਟਾਂ ਵਿੱਚ 35 ਜਿੱਤ ਕੇ ਜਿੱਥੇ ਇਹ ਦਲ ਲਗਾਤਾਰ ਦੂਜੀ ਵਾਰ ਇਸ ਕਮੇਟੀ ਦਾ ਪ੍ਰਬੰਧ ਸੰਭਾਲਣ ਵਿੱਚ ਸਫ਼ਲ ਹੋਇਆ ਹੈ, ਉੱਥੇ ਆਪਣੀਆਂ ਸਾਰੀਆਂ ਵਿਰੋਧੀ ਧਿਰਾਂ ਨੂੰ ਦਿੱਲੀ ਦੀ ਸਿੱਖ ਸਿਆਸਤ ਵਿੱਚੋਂ ਅਲੱਗ-ਥਲੱਗ ਕਰਨ ਵਿੱਚ ਵੀ ਕਾਮਯਾਬ ਰਿਹਾ ਹੈ। ਮੁੱਖ ਵਿਰੋਧੀ ਧਿਰ ਭਾਵ ਸਰਨਾ ਭਰਾਵਾਂ ਦੇ ਅਕਾਲੀ ਦਲ (ਦਿੱਲੀ) ਨੂੰ ਕੇਵਲ ਸੱਤ ਸੀਟਾਂ 'ਤੇ ਹੀ ਸਬਰ ਕਰਨਾ ਪਿਆ ਹੈ। ਉਨ•ਾਂ ਨੂੰ ਆਪਣੀ ਨਿੱਜੀ ਹਾਰ ਦੀ ਨਮੋਸ਼ੀ ਵੀ ਸਹਿਣੀ ਪਈ ਹੈ। ਸ੍ਰੀ ਅਕਾਲ ਤਖ਼ਤ ਦਾ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਸਿਰਫ਼ ਦੋ ਉਮੀਦਵਾਰ ਹੀ ਜਿਤਾ ਸਕਿਆ ਹੈ ਜਦੋਂਕਿ ਤੀਜੀ ਧਿਰ ਉਸਾਰਨ ਦੀ ਕੋਸ਼ਿਸ਼ ਵਜੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਸਿਰਜੇ ਗਏ ਪੰਥਕ ਸੇਵਾ ਦਲ ਨੂੰ ਇੱਕ ਵੀ ਸੀਟ ਨਸੀਬ ਨਹੀਂ ਹੋਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੀਆਂ ਚੋਣਾਂ ਦੇ ਨਤੀਜੇ ਭਾਵੇਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪੱਖ ਵਿੱਚ ਗਏ ਹਨ ਪਰ ਅਸਲੀਅਤ ਇਹ ਹੈ ਕਿ ਚੋਣਾਂ ਵਿੱਚ ਇਹ ਮਨਫ਼ੀ ਹੀ ਰਿਹਾ ਹੈ। ਡੇਰਾ ਵਿਵਾਦ ਕਰਕੇ ਇਸ ਦੇ ਦਿੱਲੀ ਨੇਤਾਵਾਂ ਨੇ ਬਾਦਲਾਂ ਸਮੇਤ ਪੰਜਾਬ ਦੇ ਕਿਸੇ ਵੀ ਅਕਾਲੀ ਨੇਤਾ ਨੂੰ ਆਪਣੀ ਚੋਣ ਮੁਹਿੰਮ ਦੇ ਨੇੜੇ ਨਹੀਂ ਢੁੱਕਣ ਦਿੱਤਾ। ਚੋਣ ਪ੍ਰਚਾਰ ਸਮੱਗਰੀ ਵਿੱਚ ਬਾਦਲਾਂ ਦੀਆਂ ਤਸਵੀਰਾਂ ਅਤੇ ਨਾਂ ਤਕ ਵੀ ਨਹੀਂ ਵਰਤੇ। ਇਹ ਵੱਖਰੀ ਗੱਲ ਹੈ ਕਿ ਇਨ•ਾਂ ਚੋਣਾਂ ਲਈ ਰਣਨੀਤੀ ਅਤੇ ਪੈਸੇ ਦਾ ਪ੍ਰਬੰਧ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੱਛੋਕੜ 'ਚ ਰਹਿ ਕੇ ਕੀਤਾ। ਚੋਣ ਨਤੀਜਿਆਂ ਤੋਂ ਇਹ ਸਪਸ਼ਟ ਹੈ ਕਿ ਦਿੱਲੀ ਦੇ ਸਿੱਖ ਵੋਟਰਾਂ ਨੇ ਆਪਣੀਆਂ ਵਪਾਰਕ ਗਤੀਵਿਧੀਆਂ ਅਤੇ ਉੱਥੇ ਆਪਣੀ ਸਥਾਪਤੀ ਯਕੀਨੀ ਬਣਾਈ ਰੱਖਣ ਲਈ ਕੇਂਦਰੀ ਸਰਕਾਰ ਦੀ ਹਮਾਇਤ ਵਾਲੀ ਪੰਥਕ ਧਿਰ ਨੂੰ ਅੱਗੇ ਲਿਆਉਣ ਨੂੰ ਤਰਜੀਹ ਦਿੱਤੀ ਹੈ। ਇਸ ਦਲ ਦੀ ਦਿੱਲੀ ਇਕਾਈ ਦੇ ਮੁਖੀ ਮਨਜੀਤ ਸਿੰਘ ਜੀਕੇ ਦਾ ਉਦਾਰਵਾਦੀ ਵਿਅਕਤੀਤਵ, ਸੂਝਵਾਨ ਆਗੂ ਵਾਲਾ ਅਕਸ ਅਤੇ ਉਨ•ਾਂ ਦੀ ਅਗਵਾਈ ਵਿੱਚ ਦਿੱਲੀ ਕਮੇਟੀ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਗੁਰਦੁਆਰਿਆਂ ਤੇ ਸਿੱਖੀ ਦੇ ਪ੍ਰਚਾਰ ਲਈ ਕੀਤੇ ਗਏ ਕੰਮ ਵੀ ਇਸ ਸਫ਼ਲਤਾ ਦਾ ਆਧਾਰ ਬਣੇ ਹਨ। ਦੂਜੇ ਪਾਸੇ, ਵਿਰੋਧੀ ਸਿੱਖ ਆਗੂਆਂ ਵੱਲੋਂ ਕੋਈ ਸਾਂਝਾ ਪਲੈਟਫਾਰਮ ਨਾ ਬਣਾ ਸਕਣ ਕਾਰਨ ਉਨ•ਾਂ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ ਹੈ। ਸਮੇਂ ਦੇ ਗੇੜ ਨਾਲ ਸਰਨਾ ਭਰਾਵਾਂ ਦੀ ਪਾਰਟੀ ਪਰਿਵਾਰਕ ਗਰੁੱਪ ਬਣ ਕੇ ਹੀ ਰਹਿ ਗਈ ਹੈ। ਕੁਝ ਖਾੜਕੂ ਆਗੂਆਂ ਨੂੰ ਨਾਲ ਰੱਖਣ ਕਾਰਨ ਉਦਾਰਵਾਦੀ ਸਿੱਖਾਂ ਨੇ ਇਨ•ਾਂ ਤੋਂ ਦੂਰੀ ਬਣਾਉਣੀ ਉੱਚਿਤ ਸਮਝੀ। ਬਾਦਲਾਂ ਵਿਰੋਧੀ ਸਾਂਝਾ ਫਰੰਟ ਬਣਾਉਣ ਲਈ ਸਹਿਮਤ ਨਾ ਹੋਣ ਦੀ ਜ਼ਿੱਦ ਜਿੱਥੇ ਭਾਈ ਰਣਜੀਤ ਸਿੰਘ ਦੀ ਹਾਰ ਦਾ ਕਾਰਨ ਬਣੀ, ਉੱਥੇ ਇਹ ਦੂਜੇ ਗਰੁੱਪਾਂ ਦੀ ਹਾਰ ਦਾ ਸਬੱਬ ਵੀ ਬਣੀ। 'ਆਪ' ਦੀ ਆਪਣੀ ਦੁਚਿੱਤੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਨਾਲ ਛੱਤੀ ਦਾ ਅੰਕੜਾ ਉਸ ਦੇ ਵਿਧਾਇਕ ਵੱਲੋਂ ਸਿਰਜੇ ਨਵੇਂ ਪੰਥਕ ਦਲ ਦੀ ਨਮੋਸ਼ੀਜਨਕ ਹਾਰ ਦਾ ਕਾਰਨ ਬਣਿਆ। ਪੰਜਾਬ ਤੋਂ ਬਾਅਦ ਦਿੱਲੀ ਹੀ ਭਾਰਤ ਵਿੱਚ ਇੱਕ ਅਜਿਹਾ ਖ਼ਿੱਤਾ ਹੈ ਜਿੱਥੇ ਸਿੱਖਾਂ ਦੀ ਪ੍ਰਭਾਵਸ਼ਾਲੀ ਗਿਣਤੀ ਅਤੇ ਕਈ ਮਹੱਤਵਪੂਰਨ ਇਤਿਹਾਸਕ ਧਰਮ ਸਥਾਨ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਮੁਲਕ ਵਿੱਚ ਸਿੱਖਾਂ ਦੀ ਦੂਜੀ ਪ੍ਰਤੀਨਿਧ ਸਿੱਖ ਸੰਸਥਾ ਹੈ ਜਿਸ ਦੀ ਚੋਣ ਸਰਕਾਰੀ ਤੌਰ 'ਤੇ ਸਥਾਪਿਤ ਦਿੱਲੀ ਗੁਰਦੁਆਰਾ ਐਕਟ ਤਹਿਤ ਜਮਹੂਰੀ ਢੰਗ ਨਾਲ ਹੁੰਦੀ ਹੈ। ਗੁਰਦੁਆਰਾ ਪ੍ਰਬੰਧਨ ਦੇ 100 ਕਰੋੜ ਰੁਪਏ ਦੇ ਵੱਡੇ ਸਾਲਾਨਾ ਬਜਟ ਤੋਂ ਇਲਾਵਾ ਇਹ ਦਿੱਲੀ ਵਿੱਚ ਦਰਜਨ ਤੋਂ ਵੱਧ ਸਿੱਖਿਆ ਸੰਸਥਾਵਾਂ ਵੀ ਬਾਖ਼ੂਬੀ ਚਲਾ ਰਹੀ ਹੈ। ਦਿੱਲੀ ਦੀ ਸਿਆਸਤ ਵਿੱਚ ਸਿੱਖਾਂ ਦੀ ਅਹਿਮ ਭੂਮਿਕਾ ਕਰਕੇ ਹੀ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਿਆਸੀ ਮਹੱਤਵ ਰੱਖਦੀਆਂ ਹਨ। ਇਹੀ ਕਾਰਨ ਹੈ ਕਿ ਇਸ ਦੇ ਪ੍ਰਬੰਧਕੀ ਤਾਣੇ-ਬਾਣੇ ਤੇ ਕਾਬਜ਼ ਹੋਣ ਲਈ ਸਿਆਸੀ ਪਾਰਟੀਆਂ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਕੋਸ਼ਿਸ਼ਾਂ ਕਰਦੀਆਂ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਆਗੂਆਂ ਦੀ ਹੁਣ ਇਹ ਜ਼ਿੰਮੇਵਾਰੀ ਹੈ ਕਿ ਉਹ ਪਾਰਟੀ ਅਤੇ ਗੁੱਟਬਾਜ਼ੀ ਤੋਂ ਉੱਪਰ ਉੱਠ ਕੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦਾ ਕਾਰਜ ਨਿਭਾਉਣ ਦੇ ਨਾਲ ਨਾਲ ਵਿਦਿਅਕ ਅਦਾਰਿਆਂ ਨੂੰ ਪ੍ਰਫੁੱਲਿਤ ਕਰਨ ਲਈ ਵਚਨਬੱਧ ਰਹਿਣ।



